ਚੁਕਾਰਅਜ਼ਹਮਹਹੀਲਤੇਦਰਗੁਜ਼ਸ਼ਤ॥ਹਲਾਲਅਸਤਬੁਰਦਨਬਸ਼ਮਸ਼ੀਰਦਸਤ॥੨੨॥ (ਸ੍ਰੀ ਮੁਖਵਾਕ ਪਾਤਿਸ਼ਾਹੀ ੧੦॥)

Akal Purakh Kee Rachha Hamnai, SarbLoh Dee Racchia Hamanai


    View Post Listing    |    Search    



ਧਰਮ ਵਿਥਾਰਕ ਦੁਸ਼ਟ-ਦਮਨ ਦਸਮੇਸ਼ ਗੁਰੂ
Posted by: Khalsaspirit (IP Logged)
Date: February 03, 2009 03:08PM

Waheguru ji ka khalsa
Waheguru ji ki fateh

Khalsa jio,

As we all know the Gurmat books written by Bhai Sahib Randhir Singh jee are ever green. They are so refreshing reading again and again one might find some thing new for this Game of love. Just came across this article of Bhai sahib. This article is written decades ago but once you read it seems like some one just wrote it. So close to facts of today. Any way enjoy it. Khima for no English translation.
--------------------------------------------------------------------------------------------------------------------------------------------------

ਧਰਮ ਵਿਥਾਰਕ ਦੁਸ਼ਟ-ਦਮਨ ਦਸਮੇਸ਼ ਗੁਰੂ

ਹਮ ਇਹ ਕਾਜ ਜਗਤ ਮੋ ਆਏ॥ ਧਰਮ ਹੇਤ ਗੁਰਦੇਵ ਪਠਾਏ॥
ਜਹਾਂ ਤਹਾਂ ਤੁਮ ਧਰਮ ਬਿਥਾਰੋ॥ ਦੁਸਟ ਦੋਖੀਅਨਿ ਪਕਰ ਪਛਾਰੋ॥42॥
ਯਾਹੀ ਕਾਜ ਧਰਾ ਹਮ ਜਨਮੰ ॥ ਸਮਝ ਲੇਹੁ ਸਾਧੂ ਸਭ ਮਨਮੰ ॥
ਦਰਮ ਚਲਾਵਨ ਸੰਤ ਉਬਾਰਨ ॥ ਦੁਸਟ ਸਭਨ ਕੋ ਮੂਲ ਉਪਾਰਨ॥43॥
ਬਚਿਤ੍ਰ ਨਾਟਕ, ਅਧਿਆਇ 6

ਉਪਰਲੇ ਸ੍ਰੀ ਗੁਰੂ ਦਸਮੇਸ਼ ਮੁਖਵਾਕਾਂ ਅੰਦਰ ਸ੍ਰੀ ਦਸਮ ਗੁਰੂ ਪਾਤਸ਼ਾਹ ਕਲਗੀਧਰ ਮਹਾਰਾਜ ਦੇ ਆਗਮਨ ਦਾ ਤੱਤ ਉਦੇਸ਼ ਅਤੇ ਸਤਿ ਆਦਰਸ਼ ਅੰਕਤ ਹੈ। ਇਹ ਆਦਰਸ਼ ਉਦੇਸ਼ ਸਾਰੇ ਜਗਤ ਦੇ ਉਧਾਰ ਲਈ ਹੈ, ਕਿਸੇ ਖ਼ਾਸ ਤਬਕੇ ਯਾ ਫ਼ਿਰਕੇ ਲਈ ਮਖ਼ਸੂਸ (ਰਾਖਵਾਂ) ਨਹੀਂ। ਉਪਰਲੇ ਸ੍ਰੀ ਮੁਖਵਾਕ ਦੇ ਮੁਢ ਵਿੱਚ ਸਾਫ਼ ਲਿਖਿਆ ਹੋਇਆ ਹੈ “ਹਮ ਇਹ ਕਾਜ ਜਗਤ ਮੋ ਆਏ’, ਭਾਵ ਦੇਵਾਨ-ਦੇਵ ਸੱਚੇ ਗੁਰਦੇਵ ਅਕਾਲ ਪੁਰਖ ਨੇ ਸਾਨੂੰ ਧਰਮ ਵਿਥਾਰਨ ਹੇਤ ਹੀ ਜਗਤ ਵਿਖੇ ਪਠਾਇਆ ਹੈ। ਸ੍ਰੀ ਦਸਮੇਸ਼ ਜੀ ਦਾ ਅਵਤਾਰ ਧਾਰਨ ਦਾ ਹੇਤੂ ਜਗਤ-ਉਧਾਰਨ, ਜਗਤ ਵਿਖੇ ਧਰਮ ਵਿਥਾਰਨ ਦਾ ਹੈ। ਸਾਰਾ ਜਗ ਉਧਾਰਨ ਲਈ ਹੀ ਜਗਤ ਵਿਖੇ ਆਏ ਅਤੇ ਗੁਰੂ ਅਵਤਾਰ ਦਾ ਜਾਮਾ ਧਾਰ ਕੇ ਆਏ। ਜਗਤ ਮੋ ਆਏ ਅਤੇ ਜਗਤ ਹੇਤ ਹੀ ਆਏ। ਜਿਥੇ ਜਨਮ ਧਾਰਿਆ, ਖ਼ਾਸ ਉੱਥੇ ਲਈ ਨਹੀਂ ਆਏ। ਪਟਣੇ ਸ਼ਹਿਰ ਵਿਖੇ ਭਵ ਲੈ ਕੇ, ਪੰਜਾਬ ਵਿਚ ਆ ਕੇ ਪਰਮ-ਧੁਜੀ-ਨੈਸ਼ਾਨ-ਦਮਾਮਾ ਬਜਾਉਣਾ ਇਸ ਗੱਲ ਦਾ ਲਖਾਇਕ ਹੈ ਕਿ ਸਮੇਂ ਅਨੁਸਾਰ ਤਦੋਂ ਓਥੋਂ ਹੀ ਜਗਤ-ਉਧਾਰ ਦਾ ਮੁਢ ਬੰਨ੍ਹਣ ਦੀ ਲੋੜ ਸੀ। ਜ਼ੋਰੋ-ਜ਼ੁਲਮ ਜ਼ੋਰਾਂ ਤੇ ਸੀ ਤਾਂ ਸਾਰੇ ਜਗਤ ਵਿਚੋਂ ਭਾਰਤ-ਵਰਸ਼ ਵਿਚ ਹੀ ਸੀ ਅਤੇ ਸਾਰੇ ਭਾਰਤ-ਵਰਸ਼ ਵਿਚੋਂ ਭਾਰਤ-ਵਰਸ਼ ਦੇ ਓਸੇ ਖ਼ਿਤੇ ਉੱਤੇ ਸੀ ਜਿੱਥੇ ਕਿ ਧੁਰੋਂ ਪਠਾਏ ਧਰਮ ਅਵਤਾਰ ਨੇ ਆਪਣੀ ਬਾਲ ਬਰੇਸ ਵਿੱਚ ਸ੍ਰੀ ਪਟਣਾ ਸਾਹਿਬ ਤੇ ਆ ਕੇ ਆਪਣੇ ਧਰਮ-ਧ੍ਵਜੀ ਮੈਦਾਨ ਮੱਲੇ ਅਤੇ ਜਗਤ-ਉੱਧਾਰ ਦਾ ਕੰਮ ਅਰੰਭ ਦਿੱਤਾ। ਜਗਤ-ਉੱਧਾਰ ਦਾ ਕੰਮ ਅਰੰਭ ਹੀ ਨਹੀਂ ਦਿੱਤਾ, ਸਗੋਂ ਜੁਗਾਂ ਜੁਗਾਂਤਰਾਂ ਲਈ ਜਗਤ-ਉੱਧਾਰ ਦੀ ਅਬਚਲ ਨੀਂਵ ਧਰ ਕੇ ਅਹਿੱਲ ਥੰਮ ਗੱਡ ਦਿੱਤੇ।

ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਦੇਵ ਭੂਮੀ ਦੇ ਵਿਸ਼ੇਸ ਧਾਮ ਸ੍ਰੀ ਕੇਸਗੜ੍ਹ ਵਿਖੇ ਸ੍ਰੀ ਦਸਮੇਸ਼ ਜੀ ਨੇ ਜੁਗੋ ਜੁਗ ਅਟੱਲ ਰਹਿਣ ਵਾਲੇ ਧਰਮ ਰਖਸ਼ਕ, ਧਰਮ ਵਿਥਾਰਕ, ਧਰਮ ਉਬਾਰਕ, ਜਗਤ ਉੱਧਾਰਕ, ਮੁਬਾਰਕ ਖਾਲਸਾ ਪੰਥ ਦੀ ਸਾਜਨਾ (ਸਾਜੀ) ਕੀਤੀ, ਜਿਸ ਖਾਲਸਾ ਨੇਸ਼ਨ ਨੇ ਜਨਮ ਧਾਰਨ ਸਾਰ ਹੀ ਆਪਣੇ ਜਨਮ-ਦਾਤਾ ਦੇ ਬਲ ਨਾਲ ਸਦੀਆਂ ਤੋਂ ਜੰਮੇ ਹੋਏ ਜ਼ੁਲਮ-ਰਾਜ ਦੀ ਜੜ੍ਹ ਹਿਲੂਣ ਦਿੱਤੀ ਅਤੇ ਸੱਚੇ ਧਰਮ ਦਾ ਹਲੇਮੀ ਰਾਜ ਵਿਥਾਰਨਾ ਆਰੰਭ ਦਿੱਤਾ। ਧਰਮ ਚਲਾਵਨ, ਧਰਮੀਆਂ ਨੂੰ ਉਬਾਰਨ ਅਤੇ ਧਰਮ-ਦ੍ਵੈਖੀ-ਦੁਸ਼ਟਾਂ ਦਾ ਮੂਲ ਉਪਾਰਨ ਲਈ, ਜਗਤ-ਉੱਧਾਰ-ਕੁਰਬਾਨੀ ਦੀ ਜਗ-ਵੇਦੀ ਵਿਖੇ ਧਰਮੱਗ ਪੁਰਸ਼ਾਂ ਦੇ ਜੀਵਨਾਂ ਦੀ ਉਹ ਅਹੂਤੀ ਦਿੱਤੀ ਕਿ ਸਦੀਵ ਲਈ ਜੁਗੋ ਜੁਗ ਕੁਰਬਾਨੀ ਵਾਲੀ ਖਾਲਸ ਕੌਮ ਦੀ ਕਾਇਮੀ ਦਾ ਧਰੁਵਾ ਬੱਝ ਗਿਆ।

ਹਾਂ ਜੀ! ਕੁਰਬਾਨੀ ਕੇਵਲ ਧਰਮੀ ਜੀਵਨ ਹੀ ਕਰ ਸਕਦੇ ਹਨ। ਇਸ ਧਰਮ-ਜੀਵਨ-ਕਣੀ ਤੋਂ ਸ਼ੂਨ ਕ੍ਰੋੜਾਂ ਹਿੰਦੂ ਵਾਸੀ, ਕਾਇਰਾਂ ਦੀ ਮੌਤ ਮਰ ਰਹੇ ਸਨ, ਜਾਬਰਾਂ ਦੇ ਜ਼ੋਰੋ-ਸਿਤਮ ਦਾ ਸ਼ਿਕਾਰ ਬਣ ਰਹੇ ਸਨ, ਭੇਡਾਂ ਵਾਗੂੰ ਦੀਨ ਹੀਨ ਹੋ ਕੇ ਜ਼ਾਲਮਾਂ ਦੀ ਈਨ ਮੰਨ ਰਹੇ ਸਨ। ਕਿਸੇ ਕੌਮ ਦੇ ਨੇਤਾ ਵਿਚ ਇਹ ਅਣਖ ਸਾਹਸ ਨਹੀਂ ਰਹੀ ਸੀ ਕਿ ਦੇਸ਼ ਅਤੇ ਕੌਮ ਦਾ ਧਰਮ ਈਮਾਨ ਬਚਾਉਣ ਲਈ ਕੋਈ ਕੁਰਬਾਨੀ ਕਰ ਸਕੇ। ਇਸ ਦਾ ਕਾਰਨ ਇਹ ਸੀ ਕਿ ਕਿਸੇ ਦੇ ਜੀਵਨ ਵਿਚ ਸੱਚੇ ਧਰਮ ਦੀ ਅੰਸ ਮੌਜੂਦ ਨਹੀਂ ਸੀ।

ਸ੍ਰੀ ਦਸਮੇਸ਼-ਆਦਰਸ਼ ਤੋਂ ਅਗਿਆਤ ਲੋਕਾਂ ਦੀ ਅਲਪੱਗ ਬੁੱਧੀ ਵਾਲੀ ਸਮਝ ਵਿਚ ਇਹ ਗੱਲ ਨਹੀਂ ਆਉਂਦੀ ਕਿ ਸ੍ਰੀ ਦਸਮੇਸ਼ ਜੀ ਦੇ ਉਪਰਲੇ ਮੁਖਵਾਕ ਅੰਦਰ ਧਰਮ ਵਿਥਾਰਨ ਅਤੇ ਦੁਸਟ ਬਿਦਾਰਨ ਦੀਆਂ ਦੋ ਮੁਤਜ਼ਾਦ ਬੁਝਾਰਤਾਂ ਕਿਉਂ ਆਉਂਦੀਆਂ ਹਨ। ਉਹਨਾਂ ਨੂੰ ਇਹ ਮੁਤਜ਼ਾਦ (ਵਿਰੋਧੀ) ਬੁਝਾਰਤਾਂ ਹੀ ਦੀਹਦੀਆਂ ਹਨ। ਦਰ-ਅਸਲ ਇਹ ਮੁਤਜ਼ਾਦ ਨਹੀਂ, ਦੁਸ਼ਟਾਂ ਦੀ ਦੁਸ਼ਟਤਾਈ ਦਮਨ ਕੀਤੇ ਬਾਝੋਂ ਜਗਤ ਉੱਧਾਰ ਅਤੇ ਧਰਮ ਦਾ ਵਿਥਾਰ ਹੋਣਾ ਹੀ ਅਸੰਭਵ ਹੈ। ਦੁਸ਼ਟ-ਦਮਨ ਦਸਮੇਸ਼ ਗੁਰੂ ਦੁਸ਼ਟਾਂ ਦੀ ਦੁਸ਼ਟਤਾਈ ਨੂੰ ਬਿਦਾਰ ਕੇ ਉਹਨਾਂ ਦੁਸ਼ਟਾਂ ਦਾ ਉੱਧਾਰ ਕਰਦੇ ਹਨ। ਉਹਨਾਂ ਦੁਸ਼ਟਾਂ ਨੂੰ ਮਾਰਦੇ ਨਹੀਂ, ਉਹਨਾਂ ਦੀ ਦੁਸ਼ਟਤਾਈ ਨੂੰ ਨਿਵਾਰਦੇ ਹਨ। ਜੇ ਹੋਰ ਕਿਸੇ ਬਿਧਿ ਭੀ ਇਹ ਦੁਸ਼ਟਤਾਈ ਦੁਸ਼ਟਾਂ ਦੀ ਦੂਰ ਨਾ ਹੋਵੇ ਤਾਂ ਦੁਸ਼ਟਾਂ ਨੂੰ ਆਪਣੇ ਦਸਤੇ-ਮੁਬਾਰਕ ਨਾਲ ਖੰਡੇ ਦੀ ਧਾਰ ਉੱਤੇ ਚਾੜ੍ਹ ਕੇ ਉਹਨਾਂ ਦਾ ਜਨਮ ਮਰਨ ਨਿਵਾਰ ਦਿੰਦੇ ਹਨ ਅਤੇ ਉਹਨਾਂ ਅੰਦਰ ਨਵੀਂ ਜਾਨ ਪਾ ਦਿੰਦੇ ਹਨ। ਖੰਡੇ ਦੀ ਧਾਰ ਤੇ ਚਾੜ੍ਹ ਕੇ ਹੀ ਸ੍ਰੀ ਦਸਮੇਸ਼ ਜੀ ਨੇ ਦੁਸ਼ਟ-ਜੀਵਨੀ-ਜੰਤਾਂ ਦੀ ਜਾਨ-ਪ੍ਰਾਣ ਸੰਜੀਵਨੀ ਸੁਦੇਹੀ ਕੁਰਬਾਨੀ ਲੈ ਕੇ, ਉਨ੍ਹਾਂ ਅੰਦਰ ਸਦ-ਜੀਵਨੀ ਕੁਰਬਾਨੀ ਵਾਲੀ ਜਾਨ ਪਾ ਦਿੱਤੀ। ਐਥੋਂ ਤਾਈਂ ਕਿ ਸਦਜੀਵਨੀ ਜਾਨ ਪ੍ਰਾਣ ਦਾਤਿਆ ਦਾ ਖਾਲਸਾ ਪੰਥ ਸਜਾ ਦਿਤਾ ੳਥੇ ਖਾਲਸ ਕੁਰਬਾਨੀ ਦੇ ਖ਼ਮੀਰ ਨੂੰ ਜੁਗਜੀਵਨਾ ਕਰ ਦਿੱਤਾ, ਜੋ ਜੁਗਾਂ ਤਾਈਂ ਸੁਰਜੀਤ ਰਹੇਗਾ। ਜਦੋਂ ਭੀ ਜਗਤ ਅੰਦਰ ਜ਼ੁਲਮ ਅਤੇ ਅਧਰਮ ਦੀ ਗਿਲਾਨੀ ਹੋਵੇਗੀ , ਇਹ ਸਦਜੀਵਨਾ ਧਰਮੀ ਪੰਥ ਅਤੁਟ ਕੁਰਬਾਨੀਆਂ ਦੇ ਕੇ ਧਰਮ ਨੂੰ ਸੁਰਜੀਤ ਕਰੇਗਾ ਅਤੇ ਅਧਰਮ ਜ਼ੁਲਮ ਪਾਪ ਨੂੰ ਨਸ਼ਟ ਕਰੇਗਾ।

ਜਗਤ ਦੇ ਜੀਵਾਂ ਅੰਦਰ ਧਰਮ-ਜੀਵਨੀ-ਅੰਸ ਅੰਸਰਤ ਹੇਏ ਬਾਝੋਂ ਦੁਸ਼ਟਤਾ ਦਾ ਰੋਗ ਦੂਰ ਨਹੀ ਹੋ ਸਕਦਾ, ਦੁਸ਼ਟਾਂ ਦਾ ਰੋਗ ਨਿਵਾਰਨਾ ਪਰਮ ਜ਼ਰੂਰੀ ਹੈ। ਸਤਿਗੁਰੂ ਦਸਮੇਸ਼ ਜੀ ਨੇ ਪੰਜਾਂ ਦੂਤਾਂ ਸੇਤੀ ਗ੍ਰਸਤ ਹੋਏ ਦੁਸ਼ਟਤਾ ਦੇ ਜੀਵਨ ਵਾਲੇ ਦੁਸ਼ਟ ਮੁਜੱਸਮੀ ਰੋਗੀਆਂ ਨੂੰ ਅਮਰ-ਜੀਵਨ-ਬੂਟੀ ਦੀ ਜਾਗ, ਖੰਡੇ ਦੀ ਧਾਰ ਉਤੇ ਲਾ ਕੇ ਸੁਰਜੀਤ ਕੀਤਾ ਅਤੇ ਖਾਲਸ-ਧਰਮ-ਅੰਸੀ ਆਤਮ –ਜੋਤਿ ਅਤੇ ਤੇਜ-ਤੱਤ ਦਾ ਖ਼ਮੀਰ ਮਿਲਾ ਕੇ ਧਰਮ ਬੀਰ ਸੂਰਮਿਆਂ, ਉਪਕਾਰੀ ਜੋਧਿਆਂ ਦੀ ਕੌਮੀਅਤ ਵਾਲਾ ਪ੍ਰਮਾਰਥੀ ਪੰਥ ਪ੍ਰਚਲਤ ਕੀਤਾ। ਇਕ ਇਕ ਦੇ ਜੀਵਨ ਅੰਦਰ ਸਵਾ ਸਵਾ ਲਖ ਦੀ ਸਪਿਰਿਟ ਭਰੀ। ਇਸ ਬਿਧਿ ਜ਼ੁਲਮ ਦੀ ਗੂਣ ਨਾਲ ਲੱਦੇ ਹੋਏ ਗੀਦੀ ਮਜ਼ਲੂਮਾਂ ਦੀਆ ਖੂਹਣੀਆ ਨੂੰ ਚੰਦ-ਇਕ ਚੁਣ-ਕੱਢੇ-ਲਧੋਵਾਰਿਆਂ ਦੇ ਸਹਾਰੇ ਉਭਾਰ ਲਿਆ। ਹੁਣ ਭੀ ਜ਼ੁਲਮ ਅਤੇ ਤ੍ਰਿਸ਼ਨਾ ਦੀ ਅਗਨੀ ਨਾਲ ਜਲੰਦੇ ਜਗਤ ਨੂੰ ਜਦੋਂ ਕਦੋਂ ਉਭਾਰਨਾ ਹੈ ਤਾਂ ਸ੍ਰੀ ਦਸਮੇਸ਼ ਜੀ ਦੇ ਜੁਗੋ ਜੁਗ ਜੀਉਂਦਿਆ-ਬੀਰ-ਸਪਿਰਿਟ ਸਵਾਲੱਖੀਆਂ ਦੇ ਸਮੂਹ ਅਸੰਖ ਬਲ-ਧਾਰੀ-ਧਰਮੱਗੀਆ ਤੇ ਪਰਉਪਕਾਰੀਆਂ ਨੇ ਹੀ ਉਭਾਰਨਾ ਹੈ।

ਜਿਨ੍ਹਾਂ ਦੀ ਜ਼ਮੀਰ ਅੰਤਸ਼ਕਰਣ ਪੰਜਾਂ ਦੂਤਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਦੇ ਦਬਾਉ ਹੇਠ ਦਬਾਈ ਪਈ ਹੈ ਉਹਨਾਂ ਨੇ ਕੀ ਉਭਰਨਾ ਹੈ ਤੇ ਕੀ ਕਿਸੇ ਨੂੰ ਉਭਾਰਨਾ ਹੈ? ਜੋ ਖ਼ੁਦ ਤ੍ਰਿਸ਼ਨਾ, ਕਾਮਨਾ, ਈਰਖਾ, ਦ੍ਵੈਖ, ਖ਼ੁਦੀ, ਬਖ਼ੀਲੀ, ਤਕੱਬਰੀ ਦੇ ਭਾਰ ਹੇਠ ਆ ਕੇ ਦ੍ਰੜੇ (ਦਲੇ ਮਲੇ) ਹਨ ਉਹ ਭਲਾ ਦੂਜਿਆਂ ਨੂੰ ਉਭਾਰਨ ਸੁਧਾਰਨ ਦੀਆਂ ਕੀ ਡੀਂਗਾਂ ਮਾਰ ਸਕਦੇ ਹਨ? ਅਚਾਰ-ਹੀਣ, ਜੀਵਨ ਆਤਮ ਸ਼ਕਤ ਹੀਣ, ਸੂਰਬੀਰਤਾ ਹੀਣ, ਧਰਮ-ਬੀਰਤਾ ਹੀਣ, ਗੰਭੀਰਤਾ ਹੀਣ, ਰਾਜ ਤ੍ਰਿਸ਼ਨਾਲੂ ਬੁਲ-ਹਵਸੀ ਰੀਫ਼ਾਰਮਰਾਂ ਅਤੇ ਪ੍ਰਸਪਰ ਖਹਿ ਖਹਿ ਲੜਨ ਮਰਨ-ਹਾਰੇ ਸੁੱਕੇ ਦੇਸ਼ ਭਗਤਾਂ ਦੇ ਟੋਲੇ ਅਰਬਾਂ ਖ਼ਰਬਾਂ ਦੀ ਗਿਣਤੀ ਵਿੱਚ ਰਲ ਮਿਲ ਜੇ ਭੀ ਕਿਸੇ ਦੇਸ਼ ਯਾ ਕੌਮ ਦਾ ਉੱਧਾਰ ਨਹੀਂ ਕਰ ਸਕਦੇ। ਜਿਨ੍ਹਾਂ ਦਾ ਜੀਵਨ ਨਹੀਂ ਸੋਧਿਆ ਗਿਆ, ਜਿਨ੍ਹਾਂ ਦਾ ਆਪਾ ਨਹੀਂ ਪਰਬੋਧਿਆ ਗਿਆ, ਜਿਨ੍ਹਾਂ ਦਾ ਆਚਾਰ ਨਹੀਂ ਸੁਧਾਰਿਆ ਗਿਆ, ਜਿਨ੍ਹਾਂ ਤੋਂ ਆਪਣਾ ਹੀ ਤ੍ਰਿਸ਼ਨਾਲੂ ਮਨੂਆ ਨਹੀਂ ਮਾਰਿਆ ਗਿਆ, ਉਹ ਨਫ਼ਸ-ਅਮਾਰਾ (ਸ਼ੈਤਾਨੀ ਫ਼ਿਤਰਤ) ਦੇ ਸੁਆਧੀਨ ਕੈਦੀ, ਮੁਲਕ ਨੂੰ ਪ੍ਰਾਧੀਨਤਾ ਤੋਂ ਕਿਵੇਂ ਆਜ਼ਾਦ ਕਰਾ ਸਰਦੇ ਹਨ? ਮੰਨਿਆ ਕਿ ਇਹਨਾਂ ਆਜ਼ਾਦੀ-ਮਾਂਗਰਾਂ (ੰੋਨਗੲਰਸ) ਨੂੰ ਰੁਹਾਨੀ ਆਜ਼ਾਦੀ ਦਰਕਾਰ ਨਹੀਂ, ਪਰ ਪੰਚ ਦੂਤਾਂ ਦੇ ਬੰਧੂਆਂ ਤੋਂ, ਨਫ਼ਸੇ-ਅਮਾਰਾ ਦੇ ਗ਼ੁਲਾਮਾ ਤੋਂ ਸਿਆਸੀ ਗ਼ੁਲਾਮੀ ਦੇ ਬੰਧਨ ਭੀ ਨਹੀਂ ਟੁਟ ਸਕਦੇ ।

ਅਸਾਡੇ ਦੁਸ਼ਟ-ਦਮਨ ਧਰਮ ਰਖ੍ਯਕ, ਧਰਮ ਵਿਥਾਰਕ ਦਸਮੇਸ਼ ਪਿਤਾ ਨੇ ਪਹਿਲਾਂ ਅੰਦਰਲੇ ਦੂਤ-ਦੁਸ਼ਟਾਂ ਤੋਂ ਅਧਿਕਾਰੀ ਜਨਾਂ ਦੇ ਫੰਧ ਛੁਡਾਏ ਅਤੇ ਜੀਅ-ਦਾਨ ਦੀ ਆਤਮ-ਕਣੀ ਉਹਨਾਂ ਦੇ ਜੀਵਨਾਂ ਅੰਦਰ ਸੰਚਰ ਕੇ, ਉਨ੍ਹਾਂ ਨੂੰ ਧਰਮੱਗ ਅਤੇ ਧਰਮ ਬੀਰ ਬਣਾਇਆ, ਫਿਰ ਉਹਨਾਂ ਤੋਂ ਦੇਸ਼ ਕੌਮ ਦਾ ਉੱਧਾਰ ਕਰਾਇਆ ਅਤੇ ਉਹਨਾਂ ਤੋਂ ਵੀ ਬਾਹਰਲੇ ਦੂਤ ਮੁਜੱਸਮੀ ਦੁਸ਼ਟਾਂ ਜ਼ਾਲਮਾਂ ਦਾ ਦਮਨ ਕਰਾਇਆ। ਧਰਮੀ ਬੀਰ ਸਜਾ ਕੇ ਉਨ੍ਹਾਂ ਨੂੰ ਦੁਸ਼ਟ ਦਮਨ ਮ੍ਰੰਤਨੀ ਸੰਥਿਆ ਵਾਲੀ ਨਿਤਨੇਮੀ ਚੌਪਈ ਪੜਨ੍ਹੀ ਸਿਖਾਈ। ਇਹਨਾਂ ਧਰਮੱਗ ਸੂਰਬੀਰਾਂ ਦੀ ਰਹਿਰਾਸ ਵਿਚ ਨਿਤ ਸੰਧਿਆ ਸਮੇਂ ਅਰਦਾਸ ਹੀ ਇਹਨਾਂ ਅੰਤਰ ਬਾਹਰਲੇ ਦੁਸ਼ਟ ਦੂਤਾਂ ਨੂੰ ਮਾਰ ਬਿਦਾਰਨ ਦੀ ਹੁੰਦੀ ਹੈ। ਜਦੋਂ ਉਹ ਬਿਨੇ ਬਿਰਤੀ ਧਾਰ ਕੇ ਪੜ੍ਹਦੇ ਹਨ-“ਹਮਰੇ ਦੁਸ਼ਟ ਸਭੈ ਤੁਮ ਘਾਵਹੁ” ਤਾਂ ਉਹਨਾਂ ਦੀ ਮੁਰਾਦ ਹਮਾਰੇ ਦੁਸ਼ਟਾਂ ਤੋਂ ਦੇਸ ਕੌਮ ਦੇ ਸਾਂਝੇ ਦੁਸ਼ਟਾਂ ਦੀ ਹੁੰਦੀ ਹੈ ਅਤੇ ਘਾਵਣ ਤੋਂ ਮੁਰਾਦ, ਮੁਖ ਤਾਂ ਦੁਸ਼ਟਾਂ ਦੀ ਦੁਸ਼ਟਤਾਈ ਬਿਦਾਰਨ ਤੋਂ ਹੈ, ਫੇਰ ਧਰਮ-ਵਿਰੋਧੀ ਦੁਸ਼ਟਾਂ ਅਤੇ ਦੀਨ ਪਰਜਾ ਦੇ ਮੁਜੱਸਮ ਦੂਤ ਜ਼ਾਲਮਾਂ ਤੋਂ ਹੈ ਅਤੇ ਅੰਦਰਲੇ ਪੰਜ ਦੂਤ ਦੁਸ਼ਟਾਂ ਦੇ ਬਿਦਾਰਨ ਦੀ ਤਾਂ ਖਿਨ ਖਿਨ ਉੱਦਮ ਸਾਹਸੀ ਪ੍ਰਾਰਥਨਾ ਉਹਨਾਂ ਦੀ ਬਣੀ ਰਹਿੰਦੀ ਹੈ। ਧਰਮ ਧੁਰੰਦਰੀ ਦਸਮੇਸ਼ ਜੀ ਦੀਆਂ ਦੁਸ਼ਟ-ਦਮਨ ਫ਼ੌਜਾਂ ਨੂੰ ਆਪਣੇ ਪਰਾਏ ਦੀ ਕੋਈ ਕਾਣ ਨਹੀਂ, ਦੁਸ਼ਟ ਜ਼ਾਲਮ ਧਰਮ-ਵੈਰੀ, ਪਰਜਾ ਧ੍ਰੋਹੀ, ਵਿਸਾਹਘਾਤੀ ਭਾਵੇਂ ਆਪਣੇ ਦੇਸ ਦਾ ਹੀ ਹੋਵੇ, ਆਪਣੇ ਹੀ ਕਬੀਲੇ ਦਾ ਹੋਵੇ, ਉਹ ਸਭ ਨੂੰ ਸੋਧਣ ਪ੍ਰਬੋਧਣਗੇ ਅਤੇ ਉਹਨਾਂ ਦੀ ਦੁਸ਼ਟਤਾਈ ਨੂੰ ਦਮਨ ਕਰ ਕੇ ਹੀ ਦਮ ਲੈਣਗੇ।

ਐਸਾ ਦੁਸ਼ਟ-ਬਿਦਾਰੀ, ਦੁਸ਼ਟ-ਦਮਨਾਰੀ-ਧਰਮੀ-ਖਾਲਸਾ-ਪੰਥ ਸ੍ਰੀ ਦਸਮੇਸ਼ ਜੀ ਨੇ ਸਾਜਿਆ ਹੈ ਕਿ ਉਸ ਵਿੱਚੋਂ ਦੁਸ਼ਟ-ਦਮਨ ਪਰ-ਉਪਕਾਰੀਆਂ ਦਾ ਬੀਜ ਨਾਸ਼ ਕਦੇ ਨਹੀ ਹੋਵੇਗਾ। ਖਾਲਸਾ ਪੰਥ ਅੰਦਰ ਐਸੀਆਂ ਪਰਉਪਕਾਰੀ ਰੂਹਾਂ ਸਦ ਸਦਾ ਹੀ ਉਪਜਦੀਆਂ ਰਹਿਣਗੀਆਂ, ਜਿਨ੍ਹਾਂ ਦੀ ਪਨੀਰੀ ਰਹਿੰਦੀ ਦੁਨੀਆ ਤਾਂਈ ਲਹਿ ਲਹਾਂਦੀ ਰਹੇਗੀ।

ਮਤ ਅੰਦੇਸ਼ਾ ਕਰੋ ਕਿ ਅੱਜ ਪੂਜਾ ਦੇ ਲੋਭੀਆਂ ਤੇ ਨਾਸਤਕਾਂ ਨੇ ਅਸਾਡੇ ਪੰਥ ਵਿਚੋਂ ਹੀ ਉੱਗ ਕੇ ਗੁਰਦੁਆਰਾ ਫੰਡ ਸਾਂਭਣ ਦੀ ਹਮਾਕਤ ਕੀਤੀ ਹੈ, ਇਹ ਸਭ ਸੋਧੇ ਜਾਣਗੇ ਅਤੇ ਚੁਣ ਚੁਣ ਕੇ ਸੋਧੇ ਜਾਣਗੇ। ਮਸੰਦ-ਗਰਦੀ ਮਿਟ ਜਾਏਗੀ, ਨਾਸਤਕ-ਗਰਦੀ ਸਭ ਖੈ ਹੋ ਜਾਏਗੀ ਅਤੇ ਨਾਸਤਕਾਂ ਦੀ ਮਲੇਛਤਾਂ ਭੀ ਸਭ ਮਲੀਆਮੇਟ ਹੋ ਜਾਏਗੀ। ਓੜਕ ਦੁਸ਼ਟ-ਦਮਨ ਦਸਮੇਸ਼ ਗੁਰੂ ਦਾ ਦੁਲਾਰਾ ਪੰਥ ਸਾਰਿਆਂ ਦੀ ਦੁਸ਼ਟਤਾਈ ਦੇ ਬਖੀਏ ਉਧੇੜ ਦੇਵੇਗਾ। ਧਰਮ ਦਾ ਹਲੇਮੀ ਰਾਜ ਹੋਵੇਗਾ, ਕੋਈ ਦੁਸ਼ਟ ਮਲੇਛ ਆਕੀ ਨਹੀਂ ਰਹੇਗਾ। ਮਲੇਛਾਂ ਦੀ ਸਫ਼ਾ ਉਠ ਜਾਏਗੀ। ਖਜਲ ਖੁਆਰ ਹੁੰਦੇ ਸਭ ਰਾਹੇ-ਰਾਸਤ ਉਤੇ ਆ ਜਾਣਗੇ ਅਤੇ ਸ੍ਰੀ ਦਸਮੇਸ਼ ਜੀ ਦੇ ਆਦਰਸ਼ ਤੇ ਚਲ ਕੇ ਹੀ ਦੇਸ਼-ਉੱਧਾਰ ਹੋਏਗਾ। ਦੇਸ਼ ਦਾ ਕੀ, ਸਾਰੇ ਜਗਤ ਦਾ ਉੱਧਾਰ ਹੋਏਗਾ ਅਤੇ ਸਮੂਹ ਜ਼ਾਲਮ ਦੁਸ਼ਟਾਂ ਦਾ ਨਾਸ ਹੋਵੇਗਾ।
ਧਰਮ ਧੁਰੰਦਰੀ ਮਰਯਾਦਾ ਪਰਸ਼ੋਤਮ ਸਤਿਗੁਰੂ ਦਸਮੇਸ਼ ਜੀ ਨੇ:-
ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ॥
ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨੀਓ ਗ੍ਰੰਥ॥
ਗੁਰੂ ਗ੍ਰੰਥ ਜੀ ਮਾਨੀਓ ਪ੍ਰਗਟ ਗੁਰਾਂ ਕੀ ਦੇਹ॥
ਜੋ ਪ੍ਰਭ ਕੇ ਮਿਲਬੋ ਚਹੈ ਖੋਜ ਸਬਦ ਮਹਿ ਲੇਹ॥
ਮਈ ਹੁਕਮ ਦਾ ਅਕਾਲੀ ਢੰਡੋਰਾ ਫੇਰ ਕੇ ਹਮੇਸ਼ਾ ਲਈ ਗੁਰੂ-ਡੰਮ੍ਹ-ਗਰਦੀ ਦਾ ਭੀ ਨਮੂਦ ਉਡਾ ਦਿੱਤਾ। ਜਿਸ ਪ੍ਰਕਾਰ ਆਪਣੇ ਜੀਵਨ, ਹਿਆਤੀ, ਦੁਸ਼ਟ-ਦਮਨਤਾ ਦੇ ਸੰਗ੍ਰਾਮ ਅੰਦਰ, ਦੁਸ਼ਟ-ਦਮਨ ਦਸਮੇਸ਼ ਸਤਿਗੁਰੂ ਨੇ ਆਪਣੇ ਹੱਥੀਂ ਮਸੰਦਾਂ ਦੀ ਗੁਰੂ-ਡੰਮ੍ਹ ਦਾ ਬਿਨਾਸ਼ ਕੀਤਾ ਏਸੇ ਪ੍ਰਕਾਰ ਸਤਿਗੁਰ ਦਸਮੇਸ਼ ਜੀ ਦਾ ਸਾਜਿਆ ਹੋਇਆ ਦੁਸ਼ਟ-ਦਮਨ-ਖ਼ਾਲਸਾ-ਪੰਥ ਵਰਤਮਾਨ ਹਾਲ ਦੀ ਵਧ ਰਹੀ ਗੁਰੂ-ਡੰਮ੍ਹ ਦਾ ਬੀਜ ਨਾਸ਼ ਕਰੇਗਾ ਅਤੇ ਜਦੋਂ ਜਦੋਂ ਭੀ ਬੀਮਾਰੀ ਫੇਰ ਉਗੇਗੀ ਤਦੋਂ ਤਦੋਂ ਹੀ ਗੁਰੂ ਖਾਲਸਾ ਇਸ ਬੀਮਾਰੀ ਨੂੰ ਦੂਰ ਕਰਦਾ ਰਹੇਗਾ, ਆਪਣੇ ਪਰਾਏ ਦੀ ਕਾਣ ਨਹੀਂ ਰਖੇਗਾ।
-----------------------------------------------------------------------------------------------------------------------------

Guru Mehar Karay

Waheguru ji ka khalsa
Waheguru ji ki fateh

 





© 2007-2024 Gurdwara Tapoban Sahib